Sukhdeep Kaur Lecturer Punjabi

ਲੋਹੜੀ - ਸੁਖਦੀਪ ਕੌਰ ਲੈਕਚਰਾਰ ਪੰਜਾਬੀ

ਪੰਜਾਬ ਵਿੱਚ ਮੇਲਿਆਂ ਅਤੇ ਤਿਉਹਾਰਾਂ ਦਾ ਕਾਫ਼ਲਾ ਨਿਰੰਤਰ ਚਲਦਾ ਰਹਿੰਦਾ ਹੈ, ਇਹਨਾਂ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਸੰਸਕ੍ਰਿਤੀ ਦੀ ਨੁਹਾਰ ਉਭਰ ਕੇ ਸਾਹਮਣੇ ਆਉਂਦੀ ਹੈ। ਅੱਜ ਤਕਨਾਲੋਜੀ ਦੇ ਆਉਣ ਕਾਰਨ ਅਤੇ ਪੱਛਮੀ ਪ੍ਰਭਾਵ ਸਦਕਾ ਜ਼ਿੰਦਗੀ ਦੀ ਰਫ਼ਤਾਰ ਕਾਫ਼ੀ ਤੇਜ਼ ਅਤੇ ਗੁੰਝਲਦਾਰ ਹੋ ਗਈ ਹੈ ਜਿਸ ਕਰਕੇ ਅਸੀਂ ਤਿਉਹਾਰ ਮਨਾਉਣ ਦੇ ਤਰੀਕਿਆਂ 'ਚ ਵੱਡੀ ਤਬਦੀਲੀ ਲਈ ਆਏ ਹਾਂ। ਤਿਉਹਾਰਾਂ ਵਿੱਚ ਭਾਈਚਾਰਕ ਸਾਂਝਾਂ ਦੀ ਥਾਂ ਤੇ ਦਿਖਾਵੇ  ਨੇ ਥਾਂ ਮੱਲ ਲਈ ਹੈ, ਮੈਂ ਆਪਣੀ ਇਸ ਲਿਖਤ ਰਾਹੀਂ ਲੋਹੜੀ ਦੇ ਤਿਉਹਾਰ 'ਚੋਂ ਅਲੋਪ ਹੋ ਰਹੇ ਲੋਕ ਗੀਤਾਂ ਦੀ ਗੱਲ ਕਰਨ ਜਾ ਰਹੀ ਹਾਂ।
ਲੋਹੜੀ ਦਾ ਤਿਉਹਾਰ ਮਾਘੀ ਤੋਂ ਇਕ ਦਿਨ ਪਹਿਲਾਂ ਆਉਂਦਾ ਹੈ। ਅੱਜ ਕੱਲ ਇਸ ਤਿਉਹਾਰ ਸਬੰਧੀ ਪੁਰਾਣਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਦਾ, ਪਹਿਲਾਂ ਨਿੱਕੇ ਨਿਆਣੇ ਲੋਹੜੀ ਦੇ ਤਿਉਹਾਰ ਤੋਂ ਦਸ-ਪੰਦਰਾਂ ਦਿਨ ਪਹਿਲਾਂ ਲੱਕੜਾਂ, ਪਾਥੀਆਂ ਮੰਗਣੀਆਂ ਸ਼ੁਰੂ ਕਰ ਦਿੰਦੇ ਸਨ, ਟੋਕਰੇ ਨੂੰ ਦੋਨਾਂ ਹੱਥਾਂ ਨਾਲ ਫੜ ਕੇ ਘਰ ਘਰ ਪਾਥੀਆਂ ਮੰਗਣ ਜਾਂਦੇ ਅਤੇ ਇਹ ਇਕੱਠੀਆਂ ਹੋਈਆਂ ਪਾਥੀਆਂ ਨੂੰ ਕਿਸੇ ਇੱਕ ਘਰ ਵਿੱਚ ਰੱਖ ਲਿਆ ਜਾਂਦਾ, ਪਾਥੀਆਂ ਮੰਗਣ ਵੇਲੇ ਛੋਟੇ ਬੱਚੇ ਇਹ ਲੋਕ ਗੀਤ ਉਚਾਰਦੇ ਸਨ:
ਮਾਏ ਨੀ ਮਾਈ ਪਾਥੀ, ਤੇਰਾ ਪੁੱਤ ਚੜ੍ਹੇਗਾ ਹਾਥੀ।
ਹਾਕੀ ਦੇ ਕੰਨ ਵਿਚ ਜੌਂ, ਤੇਰੇ ਪੁੱਤ ਹੋਣਗੇ ਨੌਂ।
ਨੌਂ ਨੇ ਪੀਤੀ ਲੱਸੀ, ਤੇਰੇ ਪੁੱਤ ਹੋਣਗੇ ਅੱਸI
ਅੱਸੀਆਂ ਨੇ ਖਾਧਾ ਘਿਓ, ਤੇਰਾ ਪੁੱਤ ਹੋਊਗਾ ਸੌਂ।
ਸੌ ਗਲੋਟਾ ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ।
ਲੋਹੜੀ ਵਾਲੇ ਦਿਨ ਇਕੱਤਰ ਕੀਤੀਆਂ ਸਾਰੀਆਂ ਪਾਥੀਆਂ ਨੂੰ ਖੁੱਲ੍ਹੀ ਗਲ਼ੀ ਵਿਚ ਦੋ ਥਾਵਾਂ ਤੇ ਚਿਣਿਆ ਜਾਂਦਾ ਸੀ, ਇਕ ਪਾਸੇ ਬਜ਼ੁਰਗ, ਆਦਮੀ, ਮੁੰਡੇ ਅਤੇ ਦੂਜੇ ਪਾਸੇ ਕੁੜੀਆਂ, ਔਰਤਾਂ ਬੈਠੀਆਂ ਸਨ। ਲੋਹੜੀ ਤੋਂ ਇੱਕ ਦਿਨ ਪਹਿਲਾਂ ਬੱਚੇ ਉੁਹਨਾਂ ਘਰਾਂ ਵਿੱਚ ਗੁੜ, ਰਿਓੜੀਆਂ ਮੰਗਣ ਜਾਂਦੇ ਸਨ ਜਿਹਨਾ ਦੇ ਘਰੇ ਮੁੰਡਾ ਹੋਇਆ ਹੁੰਦਾ ਸੀ, ਹੇਠ ਲਿਖੇ ਬੋਲਾਂ ਰਾਹੀਂ ਗੁੜ ਅਤੇ ਰਿਓੜੀਆਂ ਦੀ ਮੰਗ ਕਰਦੇ ਸਨ:
ਤੇਰੀ ਚੱਕੀ ਹੇਠਾਂ ਬਿੱਲਾ,
ਅਸੀਂ ਗੁੜ ਨਹੀਂ ਲੈਣਾ ਢਿੱਲਾ।
ਥਾਲੀ ਭਰ ਕੇ ਲਿਆਈਂ, ਰਿਊੜੀ ਧਰ ਕੇ ਲਿਆਈਂ
ਜੇਕਰ ਘਰ ਵਾਲੇ ਲੋਹੜੀ ਦੇਣ 'ਚ ਦੇਰ ਕਰਦੇ ਸਨ ਤਾਂ ਬੱਚੇ-ਬੱਚੀਆਂ ਹੇਠ ਲਿਖੇ ਬੋਲ ਬੋਲਦੇ ਸਨ:
ਅੰਦਰ ਵੱਟੇ ਨਾ ਖੜਕਾ, ਸਾਨੂੰ ਦੂਰੋਂ ਨਾ ਡਰਾ।
ਸਾਡੇ ਪੈਰਾਂ ਹੇਠ ਸਲਾਈਆਂ,ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ।
ਮੁੰਡੇ ਦੀ  ਲੋਹੜੀ ਤੋਂ ਇਲਾਵਾ ਹਰ ਖੁਸ਼ੀ ਦੀ ਲੋਹੜੀ ਵੰਡੀ ਜਾਂਦੀ ਸੀ, ਜੋ ਅੱਜ ਵੀ ਪ੍ਰਚਲਿਤ ਹੈ।
ਸ਼ਾਮ ਨੂੰ ਕੁੜੀਆਂ ਲੋਹੜੀ ਵਾਲੀ ਅੱਗ ਸੇਕਣ ਤੋਂ ਬਾਅਦ ਜਿਸ ਘਰ ਮੁੰਡਾ ਦਾ ਜਨਮ ਹੋਇਆ ਹੁੰਦਾ ਸੀ, ਉੱਥੇ ਗਿੱਧਾ ਪਾਉਣ ਜਾਂਦੀਆਂ ਸਨ ਅਤੇ ਘਰ ਵਾਲੇ ਕੁੜੀਆਂ ਨੂੰ ਗੱਚਕ, ਗੁੜ, ਰਿਉੜੀਆਂ, ਮੂੰਗਫਲੀਆਂ ਅਤੇ ਨਗਦ ਰੁਪਏ ਖੁਸ਼ੀ ਵਜੋਂ ਦਿੰਦੇ ਸਨ। ਲੋਹੜੀ ਦਾ ਸਬੰਧ ਦੁੱਲਾ ਭੱਟੀ ਦੀ ਕਥਾ ਨਾਲ ਵੀ ਜੋੜਿਆ ਜਾਂਦਾ ਹੈ। ਦੁੱਲਾ ਸੰਦਲਬਾਰ ਦਾ ਭੱਟੀ ਰਾਜਪੂਤ ਸੀ ਜਿਸਨੇ ਅਕਬਰ ਬਾਦਸ਼ਾਹ ਤੋਂ ਆਪਣੇ ਪਿਤਾ ਅਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਬਗਾਵਤ ਸ਼ੁਰੂ ਕੀਤੀ ਸੀ, ਉਹ ਗਰੀਬਾਂ ਲਈ ਮਸੀਹਾ ਸੀ ਅਤੇ ਉਸ ਨੇ ਜੰਗਲ ਵਿੱਚ ਅੱਗ ਦੁਆਲੇ ਦੋ ਗਰੀਬ ਬ੍ਰਾਹਮਣ  ਲੜਕੀਆਂ ਦੀ ਸ਼ਾਦੀ ਕੀਤੀ ਸੀ, ਜਿਸ ਕਰਕੇ ਇਹ ਲੋਕ ਗੀਤ ਪ੍ਰਚੱਲਤ ਹੋਇਆ ਸੀ:
ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ।
ਦੁੱਲਾ ਭੱਟੀ ਵਾਲਾ ਹੋ, ਦੁਲੇ ਧੀ ਵਿਆਹੀ ਹੋ।
ਸੇਰ ਸ਼ੱਕਰ ਪਾਈ ਹੋ, ਕੁੜੀ ਦਾ ਲਾਲ ਪਟਾਕਾ ਹੋ।
ਕੁੜੀ ਦਾ ਸਾਲੂ ਪਾਟਾ ਹੋ, ਸਾਲੂ ਕੌਣ ਸਮੇਟੇ ਹੋ।
ਚਾਚਾ ਗਾਲੀ ਦੇਸੇ ਹੋ, ਚਾਚੇ ਚੂਰੀ ਕੁੱਟੀ ਹੋ।
ਜਿੰਮੀਦਾਰਾਂ ਲੁੱਟੀ ਹੋ।
ਸਾਡੇ ਪੁਰਖਿਆਂ ਨੇ ਤਿਉਹਾਰਾਂ, ਮੇਲਿਆਂ ਰਸਮਾਂ-ਰਿਵਾਜਾਂ ਆਦਿ ਰਾਹੀਂ ਸਾਡੇ ਅਮੀਰ ਵਿਰਸੇ ਅਤੇ ਉਸਾਰੂ ਕਦਰਾਂ-ਕੀਮਤਾਂ ਨੂੰ ਸਾਂਭ ਕੇ ਰੱਖਿਆ ਸੀ, ਲੋਹੜੀ ਦਾ ਤਿਉਹਾਰ ਅਸੀਂ ਅੱਜ ਵੀ ਮਨਾਉਂਦੇ ਹਾਂ ਪਰ ਇਸ ਵਿੱਚ ਪਹਿਲਾਂ ਵਾਲੀ ਮਸਤੀ ਕਿਧਰੇ ਨਜ਼ਰ ਨਹੀਂ ਆਉਂਦੀ ਜੋ ਪੰਜਾਬੀ ਮਾਂ ਬੋਲੀ ਦੇ ਵਿਕਾਸ ਦੇ ਨਾਲ ਬਾਲਾਂ ਦੇ ਮਨੋਬਲ ਨੂੰ ਉੱਚਾ ਕਰਦੇ ਸਨ। ਅੱਜ ਦੇ ਬਾਲ ਉਪਰੋਕਤ ਗੀਤਾਂ ਤੋਂ ਬਹੁਤ ਘੱਟ ਜਾਣੂ ਹਨ, ਆਓ ਕੀਮਤੀ ਤੋਹਫਿਆਂ ਦੇ ਬਦਲੇ ਗਿੱਧੇ-ਭੰਗੜੇ ਅਤੇ ਲੋਕ ਗੀਤਾਂ ਆਦਿ ਰਾਹੀਂ ਤਿਉਹਾਰਾਂ ਦੀਆਂ ਰੰਗੀਨੀਆਂ ਨੂੰ ਬਰਕਰਾਰ ਰੱਖੀਏ ਅਤੇ ਪ੍ਰੋਫੈਸਰ ਪੂਰਨ ਸਿੰਘ ਦੇ ਸੁਪਨੇ 'ਪਰਾਣੇ ਪੰਜਾਬ ਨੂੰ ਅਵਾਜ਼ਾਂ' ਨੂੰ ਪੂਰਾ ਕਰੀਏ।
ਧੰਨਵਾਦ ਸਹਿਤ
ਸੁਖਦੀਪ ਕੌਰ ਲੈਕਚਰਾਰ ਪੰਜਾਬੀ
ਇੰਚਾਰਜ ਪ੍ਰਿੰਸੀਪਲ, ਸ ਸ ਸ ਸ ਤਲਵੰਡੀ ਸਾਬੋ (ਬਠਿੰਡਾ)
+917589460566